ਗੁਰਦਾਸਪੁਰ : ਕਿਰਤੀ ਕਿਸਾਨ ਯੂਨੀਅਨ ਵੱਲੋਂ ਨਿਜੀ ਰੈਸਟੋਰੈਂਟ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ । ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਰੁਕੇ ਹੋਏ ਝੋਨੇ ਦੇ ਪੈਸੇ ਲੈਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਲ 2021-22 ਵਿੱਚ ਕਲਾਨੌਰ ਦੀਆਂ ਬੁੱਚੇਨੰਗਲ ਅਤੇ ਬਾਂਗੋਵਣੀ ਦੀ ਮੰਡੀਆਂ ਵਿੱਚੋਂ ਪਨਸਪ ਵੱਲੋਂ ਝੋਨੇ ਦੀ ਖਰੀਦ ਕੀਤੀ ਗਈ ਸੀ। ਇਸ ਖਰੀਦੇ ਗਏ ਝੋਨੇ ਨੂੰ ਹਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਪਰਾਏ ਕਲਾਂ ਦੇ ਵਿੱਚ ਭੇਜਿਆ ਗਿਆ। ਇਸ ਸੰਬੰਧੀ ਮੰਡੀ ਵਿੱਚੋਂ ਮਾਲ ਰਵਾਨਾ ਹੋਣ ਦੀ ਬਕਾਇਦਾ ਗੇੱਟ ਪਾਸ ਅਤੇ ਸ਼ੈੱਲਰ ਵਿੱਚ ਪਹੁੰਚ ਦੀਆਂ ਰਸੀਦਾਂ ਵੀ ਹਨ। ਸ਼ੈੱਲਰ ਵਿੱਚ ਪਨਸਪ ਵੱਲੋਂ ਕੀਤੀ ਚੈਕਿੰਗ ਦੌਰਾਨ ਪਨਸਪ ਦੇ ਡੀ ਐੱਮ ਵੱਲੋਂ 2 ਲੱਖ 6 ਹਜ਼ਾਰ ਦੀ ਖਰੀਦ ਵਿੱਚੋਂ ਸਿਰਫ 1 ਲੱਖ 10 ਹਜ਼ਾਰ ਬੋਰੀਆਂ ਹੀ ਬਰਾਮਦ ਹੋਈਆਂ ਅਤੇ ਆਪਣੀ ਚੈਕਿੰਗ ਦੌਰਾਨ ਡੀ.ਐੱਮ ਵੱਲੋਂ 96 ਲੱਖ ਦਾ ਗ਼ਬਨ ਐਲਾਨਿਆ ਗਿਆ। ਇਸ ਗ਼ਬਨ ਖਿਲਾਫ ਡੀ.ਐੱਮ ਵੱਲੋਂ ਹਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ, ਹਰਭਿੰਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਸਿੰਘ ਸਮੇਤ ਦੋ ਪਨਸਪ ਇੰਸਪੈਕਟਰ, ਪੱਲੇਦਾਰ ਅਤੇ ਟਰਾਂਸਪੋਰਟਰਾਂ ਉੱਪਰ ਪਰਚਾ ਦਰਜ ਕੀਤਾ ਗਿਆ ਸੀ । ਪਨਸਪ ਡੀ.ਐੱਮ ਗੁਰਦਾਸਪੁਰ ਵੱਲੋਂ ਆੜ੍ਹਤੀਆ ਹਰਭਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਉੱਪਰ ਮਿਲੀਭੁਗਤ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਉਪਰੰਤ ਨਾਮਜ਼ਦ ਆੜ੍ਹਤੀਆ ਹਰਪ੍ਰੀਤ ਸਿੰਘ ਅਤੇ ਹਰਭਿੰਦਰ ਸਿੰਘ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਗਈ। ਜਿਸ ਵਿੱਚੋਂ ਦੋਨ੍ਹੋਂ ਆੜਤੀਏ, ਇੰਸਪੈਕਟਰ ਅਤੇ ਟਰਾਂਸਪੋਰਟਰ ਸਮੇਤ 4 ਵਿਅਕਤੀਆਂ ਨੂੰ ਜਾਂਚ ਵਿੱਚੋਂ ਨਿਰਦੋਸ਼ ਕਰਾਰ ਦਿੱਤਾ ਗਿਆ।
ਜਦ ਕਿਸਾਨਾਂ ਅਤੇ ਆੜ੍ਹਤੀਆ ਵੱਲੋਂ ਉਪਰੋਕਤ ਦੋਹਾਂ ਸਾਲਾਂ ਦੇ ਪੈਸੇ ਰੋਕਣ ਦਾ ਕਾਰਨ ਪੁੱਛਿਆ ਤਾਂ ਪਨਸਪ ਵੱਲੋਂ ਕੇਸ ਦਾ ਹਵਾਲਾ ਦਿੱਤਾ ਗਿਆ। ਇਸ ਸੰਬੰਧੀ ਐੱਮ.ਡੀ ਪਨਸਪ ਚੰਡੀਗੜ੍ਹ ਨੂੰ ਮਿਲਿਆ ਗਿਆ ਜਿਸ ਉਪਰੰਤ ਐੱਮ ਡੀ ਪਨਸਪ ਵੱਲੋਂ ਐੱਸ.ਐੱਸ.ਪੀ ਗੁਰਦਾਸਪੁਰ ਕੋਲ਼ੋਂ ਦੁਬਾਰਾ ਪੜਤਾਲ ਕਰਵਾਈ ਗਈ ਜਿਸ ਵਿੱਚ ਐੱਸ.ਐੱਸ.ਪੀ ਵੱਲੋਂ ਪੜਤਾਲ ਵਿੱਚ ਉਕਤ ਦੋਹਾਂ ਆੜ੍ਹਤੀਆਂ ਦਾ ਚਲਾਨ ਵਿੱਚ ਨਾਮ ਨਾ ਹੋਣ ਦਾ ਹਵਾਲਾ ਦਿੱਤਾ ਗਿਆ। ਜਿਸ ਤੋਂ ਬਾਅਦ ਡਾਇਰੈੱਕਟਰ ਖੁਰਾਕ ਅਤੇ ਸਪਲਾਈ ਵਿਭਾਗ ਚੰਡੀਗੜ੍ਹ ਵੱਲੋਂ ਐੱਮ.ਡੀ ਪਨਸਪ ਨੂੰ ਪੋਸਟ ਪਰੋਕੁਈਰਮੈਂਟ ਫੰਡ ਵਿੱਚੋਂ ਪੈਸਾ ਦੇਣ ਲਈ ਕਿਹਾ ਗਿਆ ਹੈ। ਪਰ ਐੱਮ.ਡੀ ਪਨਸਪ ਚੰਡੀਗੜ੍ਹ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੀ ਪੂਰੀ ਫਾਇਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕੋਲ਼ ਹੈ ਉਹਨਾਂ ਦੇ ਦਸਤਖਤ ਹੋਣ ਤੋਂ ਬਾਅਦ ਅਦਾਇਗੀ ਕਰ ਦਿੱਤੀ ਜਾਵੇਗੀ। ਪ੍ਰੰਤੂ ਕੈਬਨਿਟ ਮੰਤਰੀ ਵੱਖ ਵੱਖ ਬਹਾਨੇ ਬਣਾ ਕੇ ਦਸਤਖਤ ਕਰਨ ਤੋਂ ਇਨਕਾਰੀ ਹੈ।ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਪੈਸੇ ਉਨ੍ਹਾ ਨੂੰ ਨਹੀਂ ਮਿਲ ਰਹੇ ਹਨ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਗ਼ਬਨ ਦੇ ਮਾਮਲੇ ਵਿੱਚ ਦੋਸ਼ੀ ਸ਼ੈੱਲਰ ਮਾਲਕ ਅਤੇ ਪਨਸਪ ਦੇ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਹੈ। ਪ੍ਰੰਤੂ ਇਸ ਸੰਬੰਧੀ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਪੈਸੇ ਰੋਕਣਾ ਬਿਲਕੁਲ ਵੀ ਵਾਜਬ ਨਹੀਂ ਹੈ। ਉਨ੍ਹਾਂ ਪਨਸਪ ਵਿਭਾਗ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਕਿਸਾਨਾਂ ਨੂੰ ਕਿਉਂ ਖੱਜਲ-ਖੁਆਰ ਕੀਤਾ ਗਿਆ ਹੈ? ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ 8 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ। ਉਹਨਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਵਿਆਜ ਸਮੇਤ ਦਿੱਤੀ ਜਾਵੇ। ਓਧਰ ਜਦੋ ਪਨਸਪ ਗੁਰਦਾਸਪੁਰ ਦੇ SO ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੇ ਇਹ ਮਾਮਲਾ ਉੱਚ ਆਦਿਕਾਰੀਆ ਦੇ ਧਿਆਨ ਵਿੱਚ ਹੈ। ਸਾਰੇ ਮਾਮਲੇ ਕੇਸ ਬਣਾ ਕੇ ਚੰਡੀਗੜ੍ਹ ਭੇਜ ਦਿੱਤਾ ਹੈ। ਇਸ ਦੇ ਬਾਰੇ ਉਹ ਹੀ ਫੈਸਲਾ ਲੈ ਸਕਦੇ ਹਨ।